ਜ਼ਿਲ੍ਹਾ ਮੈਜਿਸਟਰੇਟ ਨੇ ਪੈਟਰੋਲ ਪੰਪ ਅਤੇ ਦੁੱਧ ਦੀਆਂ ਡੇਅਰੀਆਂ ਖੋਲ੍ਹਣ ਦਾ ਸਮਾਂ ਕੀਤਾ ਤਬਦੀਲ
- ਪੈਟਰੋਲ ਪੰਪ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਹਫਤੇ ਦੇ ਸਾਰੇ ਦਿਨ ਖੁੱਲ੍ਹਣਗੇ-ਦੁੱਧ ਦੀਆਂ ਡੇਅਰੀਆਂ ਖੋਲ੍ਹਣ ਦਾ ਸਮਾਂ ਹਫ਼ਤੇ ਦੇ ਸਾਰੇ ਦਿਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਕੀਤਾ-ਵਿਸ਼ੇਸ਼ ਸ਼ਰਤਾਂ ਸਹਿਤ ਗੁਰਦੁਆਰਿਆਂ, ਮੰਦਰਾਂ ਵਿਚ ਲੰਗਰ, ਪ੍ਰਸ਼ਾਦ ਦੇ ਵਰਤਾਉਣ ਤੇ ਲਗਾਈ ਰੋਕ ਹਟਾਈ
ਮਾਨਸਾ, 11 ਜੂਨ : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਲਾਕਡਾਊਨ ਵਿਚ ਵਿਸ਼ੇਸ਼ ਰਿਆਇਤਾਂ ਜਾਰੀ ਕਰਦਿਆਂ ਕੋਵਿਡ-19 ਸਬੰਧੀ ਸਾਵਧਾਨੀਆਂ ਵਰਤਣ ਦੀਆਂ ਸ਼ਰਤਾਂ ਸਹਿਤ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਨੂੰ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਹਫ਼ਤੇ ਦੇ ਸਾਰੇ ਦਿਨ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਦੁੱਧ ਦੀਆਂ ਡੇਅਰੀਆਂ ਹਫ਼ਤੇ ਦੇ ਸਾਰੇ ਦਿਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਹੈ। ਜ਼ਿਲ੍ਹਾ ਮੈÎਜਿਸਟਰੇਟ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਿਆਂ, ਮੰਦਰਾਂ ਵਿਚ ਲੰਗਰ, ਪ੍ਰਸ਼ਾਦ ਦੇ ਵਰਤਾਉਣ ਤੇ ਲਗਾਈ ਗਈ ਰੋਕ ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਪ੍ਰਾਪਤ ਹਦਾਇਤਾਂ ਦੇ ਆਧਾਰ ਤੇ ਇਸ ਸ਼ਰਤ ਤੇ ਖਤਮ ਕੀਤੀ ਜਾਂਦੀ ਹੈ ਕਿ ਲੰਗਰ, ਪ੍ਰਸ਼ਾਦ ਤਿਆਰ ਕਰਨ ਅਤੇ ਵਰਤਾਉਣ ਸਮੇਂ ਸਮਾਜਿਕ ਦੂਰੀ ਅਤੇ ਕੋਵਿਡ-19 ਸਬੰਧੀ ਸਫਾਈ ਬਾਰੇ ਸਾਵਧਾਨੀਆਂ ਨੂੰ ਯਕੀਨੀ ਬਣਾਇਆ ਜਾਵੇ।