- ਸਿੱਧੂ -ਕੋਰੋਨਾ ਦੇ ਖ਼ਾਤਮੇ ਤੱਕ ਸੂਬੇ ਦੇ ਹਰ ਘਰ ਤੇ ਰੱਖੀ ਜਾਵੇਗੀ ਨਜ਼ਰਸਾਨੀ-ਸਿਹਤ ਮੰਤਰੀ ਸਿੱਧੂ ਨੂੰ ਰੋਟਰੀ ਜ਼ਿਲ੍ਹਾ 3090 ਵੱਲੋਂ ਕੋਰੋਨਾ ਨਾਲ ਲੜਨ ਲਈ ਭੇਂਟ ਕੀਤਾ 42 ਲੱਖ ਦਾ ਸਿਹਤ ਸਹੂਲਤਾਂ ਦਾ ਸਾਮਾਨ-27 ਵੈਂਟੀਲੇਟਰ ਲੱਗਭਗ 25 ਲੱਖ ਰੂਪੈ, 2 ਐਬੂਲੈਂਸ 15 ਲੱਖ ਰੂਪੈ, ਮਾਸਕ 1,25,000,150 ਥਰਮਾਮੀਟਰ, ਅਤੇ 1500 ਪੀ.ਪੀ. ਕਿੱਟਾਂ ਭੇਂਟ ਕੀਤੀਆਂ
ਮਾਨਸਾ (ਸੁਭਾਸ਼ ਕਾਮਰਾ) : ਮਾਨਸਾ ਰੋਟਰੀ ਕਲੱਬ ਦੁਆਰਾ ਰੱਖੇ ਇਕ ਸਮਾਗਮ ਦੌਰਾਨ ਅੱਜ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੱਧੂ ਨੂੰ ਜੀ ਆਇਆਂ ਆਖਦਿਆਂ ਦੇਸ਼ ਵਿਚ ਛਾਏ ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਵਿਚ ਅਹਿਮ ਸਹਿਯੋਗ ਦਿੰਦਿਆਂ 42 ਲੱਖ ਰੁਪਏ ਦਾ ਸਿਹਤ ਸਹੂਲਤਾਂ ਦਾ ਸਮਾਨ ਕਲੱਬ ਵੱਲੋਂ ਭੇਂਟ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕੋਰੋਨਾ ਜੰਗ ਵਿਚ ਹੁਣ ਤੱਕ ਅਹਿਮ ਰੋਲ ਅਦਾ ਕੀਤਾ ਗਿਆ ਹੈ ਜਿਸ ਕਾਰਨ ਪੰਜਾਬ ਵਿਚ ਸਥਿਤੀ ਕੰਟਰੋਲ ਹੈ ਅਤੇ ਜੋ ਵੀ ਕੋਰੋਨਾ ਪ੍ਰਭਾਵਿਤ ਕੇਸ ਪੰਜਾਬ ਵਿਚ ਪਾਏ ਗਏ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਕੇਸਾਂ ਦੀ ਟਰੈਵਲ ਹਿਸਟਰੀ ਪੰਜਾਬ ਤੋਂ ਬਾਹਰ ਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਕੋਵਿਡ-19 ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਇਕ ਮੋਬਾਇਲ ਆਧਾਰਿਤ ਐਪ ‘ਘਰ ਘਰ ਨਿਗਰਾਨੀ’ ਜਾਰੀ ਕੀਤੀ ਗਈ ਹੈ ਜਿਸ ਤਹਿਤ ਸੂਬੇ ਦੇ ਹਰ ਘਰ ਤੇ ਉਦੋਂ ਤੱਕ ਨਜ਼ਰਸਾਨੀ ਰੱਖੀ ਜਾਵੇਗੀ ਜਦੋਂ ਤੱਕ ਕੋਰੋਨਾ ਮਹਾਂਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਦੱਸਿਆ ਕਿ ‘ਘਰ ਘਰ ਨਿਗਰਾਨੀ’ ਦਾ ਮਤਲਬ ਹੈ ਘਰ ਘਰ ਸਰਵੇ। ਇਸ ਤਹਿਤ ਹਰ ਘਰ ਦਾ ਸਰਵੇ ਕਰਦਿਆਂ ਹਰ ਇਕ ਘਰ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਵਿਚ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤਰਾਂ ਡਾਟਾ ਵੀ ਇਕੱਤਰ ਹੋਵੇਗਾ ਜੋ ਕਿ ਹੈਲਥ ਵੈੱਲਨੈਸ ਸੈਂਟਰਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਬਿਮਾਰ ਵਿਅਕਤੀਆਂ ਦੀ ਹਿਸਟਰੀ ਇਕੱਠੀ ਹੋਵੇ ਅਤੇ ਉਨ੍ਹਾਂ ਦੇ ਬਚਾਅ ਲਈ ਯੋਗ ਉਪਰਾਲੇ ਕੀਤੇ ਜਾ ਸਕਣ। ਇਸ ਮੌਕੇ ਰਾਜੀਵ ਗਰਗ ਜ਼ਿਲ੍ਹਾ ਗਵਰਨਰ ਰੋਟਰੀ 3090 ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਅਤੇ ਆਏ ਹੋਏ ਹੋਰ ਸਾਰੇ ਮਹਿਮਾਨਾਂ ਤੋਂ ਇਲਾਵਾ ਤਿੰਨੋ ਰੋਟਰੀ ਕਲੱਬਾਂ ਦੇ ਪ੍ਰਧਾਨ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਅਤੇ ਸਮੂੱਚੀ ਪ੍ਰੈਸ ਨੂੰ ਜੀ ਆਇਆ ਕਿਹਾ।