Hamara Today
Hindi & Punjabi Newspaper

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਭੇਜਣ ਦੀ ਮੁਹਿੰਮ ਸ਼ੁਰੂ-30 ਆਵਾਰਾ ਪਸ਼ੂ ਫੜ੍ਹ ਕੇ ਗਊਸ਼ਾਲਾ ਖੋਖਰ ਕਲਾਂ ਵਿਖੇ ਭੇਜੇ

0

ਹਾਦਸਿਆਂ ਤੋਂ ਬਚਾਅ ਲਈ ਆਵਾਰਾ ਪਸ਼ੂਆਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਾਂਗੇ: ਡਿਪਟੀ ਕਮਿਸ਼ਨਰ

ਮਾਨਸਾ, (ਸੁਮੀਤ ਬਾਂਸਲ) 08 ਜੂਨ : ਕੋਵਿਡ-19 ਦੌਰਾਨ ਬੰਦ ਪਏ ਬਾਜ਼ਾਰ ਅਤੇ ਲੋਕਾਂ ਦੀ ਆਵਾਜਾਈ ਮੁੜ ਤੋਂ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਸਰਕਾਰ ਦੁਆਰਾ ਕੋਰੋਨਾ ਦੀ ਰੋਕਥਾਮ ਲਈ ਮਿਸ਼ਨ ਫਤਿਹ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਸਮਾਜ ਵਿਚ ਵਿਚਰਦਿਆਂ ਸਿਹਤ ਸਬੰਧੀ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ ਗਈ ਹੈ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਆਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਭੇਜਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਪਸ਼ੂ ਭਲਾਈ ਕਮੇਟੀ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕਰਫਿਊ ਦੇ ਖੁੱਲ੍ਹ ਜਾਣ ਉਪਰੰਤ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ ਜਿਸ ਦੇ ਮੱਦੇਨਜ਼ਰ ਇਹ ਜਰੂਰੀ ਹੈ ਕਿ ਆਵਾਰਾ ਘੁੰਮਦੇ ਪਸ਼ੂਆਂ ਦੇ ਹੱਲ ਲਈ ਪੁਖ਼ਤਾ ਕਦਮ ਚੁੱਕੇ ਜਾਣ ਤਾਂ ਜੋ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮਾਨਸਾ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ ਦੀ ਰਹਿਨੁਮਾਈ ਹੇਠ ਹੁਣ ਤੱਕ 30 ਆਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਖੋਖਰ ਕਲਾਂ ਵਿਖੇ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਕਸਰ ਸੁਣਨ ਵਿਚ ਆਉਂਦਾ ਰਹਿੰਦਾ ਹੈ ਕਿ ਬਾਜ਼ਾਰਾਂ, ਗਲੀਆਂ ਅਤੇ ਸੜਕਾਂ ਤੇ ਘੁੰਮਦੇ ਆਵਾਰਾ ਪਸ਼ੂ ਵੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿੰਨਾਂ ਦੀ ਰੋਕਥਾਮ ਜਰੂਰੀ ਹੈ।  ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ ਤਾਂ ਜੋ ਕਿਸੇ ਵੀ ਪ੍ਰਕਾਰ ਦੇ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਇਸ ਦੇ ਨਾਲ ਨਾਲ ਬਾਹਰ ਆਉਣ ਜਾਣ ਸਮੇਂ ਅਤੇ ਡਰਾਇਵਿੰਗ ਕਰਦੇ ਸਮੇਂ ਵੀ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।  ਜ਼ਿਕਰਯੋਗ ਹੈ ਕਿ ਮਾਨਸਾ ਦੇ ਪਿੰਡ ਖੋਖਰ ਕਲਾਂ ਦੀ ਗਊਸ਼ਾਲਾ ਪੰਜਾਬ ਦੀ ਸਭ ਤੋਂ ਵੱਡੀ 2 ਹਜ਼ਾਰ ਪਸ਼ੂਆਂ ਦੀ ਸਮਰੱਥਾ ਵਾਲੀ ਗਊਸ਼ਾਲਾ ਹੈ ਅਤੇ ਇਸ ਦੇ ਨਾਲ ਹੀ ਇਹ ਇਕ ਬਹੁਤ ਵਧੀਆ ਸੈਰਗਾਹ ਵੀ ਹੈ ਜਿੱਥੇ ਪਾਰਕ, ਬੱਚਿਆਂ ਲਈ ਝੂਲੇ, ਬੋਟਿੰਗ ਆਦਿ ਦਾ ਵੀ ਪ੍ਰਬੰਧ ਹੈ। ਗਊਸ਼ਾਲਾ ਖੋਖਰ ਕਲਾਂ ਦਾ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਗਊਸ਼ਾਲਾ ਦੇ ਵਾਤਾਵਰਣ ਦੀ ਸੁੰਦਰਤਾ ਵਿਚ ਅਹਿਮ ਯੋਗਦਾਨ ਹੈ। ਵੱਡੀ ਮਾਤਰਾ ਵਿਚ ਲੋਕ ਅਤੇ ਦਾਨੀ ਸੱਜਣ ਇੱਥੇ ਪਰਿਵਾਰ ਸਮੇਤ ਆਉਂਦੇ ਹਨ। ਪਸ਼ੂਆਂ ਦੇ ਨਿਵਾਸ ਲਈ ਗਊਸ਼ਾਲਾ ਖੋਖਰ ਦਾ ਅਹਿਮ ਯੋਗਦਾਨ ਹੈ।

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More