ਜ਼ਿਲ੍ਹੇ ‘ਚ 3453 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
- ਸਿਗਰਟਨੋਸ਼ੀ ਕਾਰਨ ਕੋਵਿਡ-19 ਦਾ ਪ੍ਰਭਾਵ ਹੋ ਸਕਦਾ ਹੈ ਜ਼ਿਆਦਾ ਗੰਭੀਰ
ਫ਼ਤਹਿਗੜ੍ਹ ਸਾਹਿਬ : ਤੰਬਾਕੂਨੋਸ਼ੀ ਜਾਨਲੇਵਾ ਹੈ ਅਤੇ ਕੋਵਿਡ-19 ਦੌਰਾਨ ਤੰਬਾਕੂ ਤੋਂ ਖਤਰਾ ਹੋਰ ਵੀ ਵੱਧ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ 3453 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ ਜਿ਼ਲ੍ਹੇ ਵਿੱਚ 57 ਕੋਰੋਨਾ ਪੀੜਤ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਇੱਕ ਵਿਅਕਤੀ ਜੋ ਕਿ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਉਹ ਇਲਾਜ ਅਧੀਨ ਹੈ।
ਵਰਲਡ ਨੋ ਤੰਬਾਕੂ ਡੇਅ ਮੌਕੇ ਉਨ੍ਹਾਂ ਕਿਹਾ ਕਿ ਸਿਗਰਟਨੋਸ਼ੀ ਫੇਫੜਿਆਂ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਕਾਰਨ ਕੋਵਿਡ-19 ਦਾ ਪ੍ਰਭਾਵ ਜ਼ਿਆਦਾ ਗੰਭੀਰ ਹੋ ਸਕਦਾ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਹੁੱਕੇ ਦਾ ਸਮੂਹਿਕ ਪ੍ਰਯੋਗ ਕਰਨ ਨਾਲ ਕੋਵਿਡ-19 ਫੈਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਈ ਸਿਗਰੇਟ ਨਾਲ ਫੇਫੜਿਆਂ ਦੇ ਸੰਕ੍ਰਮਣ ਅਤੇ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਜਰਦਾ, ਗੁਟਕਾ, ਖੈਣੀ ਅਤੇ ਪਾਨ ਮਸਾਲੇ ਦੀ ਵਰਤੋਂ ਕਰ ਕੇ ਵਾਰ-ਵਾਰ ਥੁੱਕਣਾ ਪੈਂਦਾ ਹੈ, ਜਿਸ ਕਾਰਨ ਕੋਵਿਡ-19 ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਤੰਬਾਕੂ ਛੱਡਣ ਲਈ ਟੋਲ ਫਰੀ ਨੰਬਰ 1800-11-2356 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਅਪਣਾਈਆਂ ਜਾਣ।