Hamara Today
Hindi & Punjabi Newspaper

ਡੀ ਐਸ ਪੀ ਭਰਪੂਰ ਸਿੰਘ ਅਤੇ ਐਸ ਐਚ ਓ ਅੰਕੁਰਦੀਪ ਸਿੰਘ ਨੇ ਘੱਗਾ ਵਿਖੇ ਵੰਡੇ ਮਾਸਕ ਅਤੇ ਸੈਨਾਟਾਈਜਰ

0

ਖਨੌਰੀ (ਸਤਨਾਮ ਸਿੰਘ ਕੰਬੋਜ) : ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਦੇ ਕੇਸਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ । ਤਿਉਂ- ਤਿਉਂ ਪੰਜਾਬ ਪੁਲਸ ਕੋਰੋਨਾ ਦੀ ਇਸ ਬਿਮਾਰੀ ਦੀ ਰੋਕਥਾਮ ਲਈ ਦਿਨਾਂ -ਰਾਤ ਇੱਕ ਕਰਕੇ ਇਸ ਬਿਮਾਰੀ ਨੂੰ ਕਾਬੂ ਕਰਨ ਦੇ ਭਰਪੂਰ ਉਪਰਾਲੇ ਕਰ ਰਹੀ ਹੈ ।

ਇਸੇ ਕੜੀ ਤਹਿਤ ਸੀਨੀਅਰ ਪੁਲਸ ਕਪਤਾਨ ਪਟਿਆਲਾ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ ਐਸ ਪੀ ਪਾਤੜਾਂ ਭਰਪੂਰ ਸਿੰਘ ਅਤੇ ਥਾਣਾ ਘੱਗਾ ਦੇ ਐਸ ਐਚ ਓ ਅੰਕੁਰਦੀਪ ਸਿੰਘ ਨੇ ਸਾਂਝੇ ਤੌਰ ਤੇ ਅੱਜ ਆਪਣੀ ਪੁਲਸ ਪਾਰਟੀ ਸਮੇਤ ਘੱਗਾ ਟਾਊਨ ਦੇ ਮੇਨ ਬਾਜ਼ਾਰ ਵਿਚ ਪੈਦਲ ਮਾਰਚ ਕਰਦਿਆਂ ਲੋਕਾਂ ਨੂੰ ਮਾਸਕ ਅਤੇ ਸੈਨਾਟਾਈਜਰਜ਼ ਵੰਡੇ । ਇਸ ਮੌਕੇ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਜਿਹੀ ਨਾਮੁਰਾਦ ਬਿਮਾਰੀ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈ ਰਹੇ ।

ਡੀ ਐਸ ਪੀ ਪਾਤੜਾਂ ਭਰਪੂਰ ਸਿੰਘ ਅਤੇ ਥਾਣਾ ਘੱਗਾ ਮੁਖੀ ਅੰਕੁਰਦੀਪ ਸਿੰਘ ਲੋਕਾਂ ਨੂੰ ਮਾਸਕ ਅਤੇ ਸੈਨਾਟਾਈਜਰਜ਼ ਵੰਡਦੇ ਹੋਏ ।

ਇੰਨਾ ਸਮਝਾਉਣ ਦੇ ਬਾਵਜੂਦ ਵੀ ਲੋਕਾਂ ਨੂੰ ਬਿਨਾਂ ਮਾਸਕ ਪਹਿਨੇ ਆਮ ਘੁੰਮਦੇ ਵੇਖਿਆ ਜਾ ਸਕਦਾ ਹੈ । ਸੋਸ਼ਲ ਡਿਸਟੈਂਸਿੰਗ ਦਾ ਧਿਆਨ ਵੀ ਨਹੀਂ ਰੱਖਿਆ ਜਾ ਰਿਹਾ । ਉਨ੍ਹਾਂ ਕਿਹਾ ਕਿ ਲੋਕ ਇਸ ਬਿਮਾਰੀ ਨੂੰ ਜਾਣਬੁੱਝ ਕੇ ਸਹੇੜ ਰਹੇ ਹਨ । ਕਿਉਂਕਿ ਕੋਰੋਨਾ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਦਿਤੀਆਂ ਗਈਆਂ ਹਦਾਇਤਾਂ ਨੂੰ ਲੋਕ ਨਹੀਂ ਅਪਣਾ ਰਹੇ । ਜਿਸ ਤੋਂ ਸਿੱਧ ਹੁੰਦਾ ਹੈ ਕਿ ਲੋਕ ਇਸ ਰੰਗਲੀ ਦੁਨੀਆਂ ਤੋਂ ਛੇਤੀ ਜਾਣਾ ਚਾਹੁੰਦੇ ਹਨ ।

ਪ੍ਰੰਤੂ ਅਸੀਂ ਉਨ੍ਹਾਂ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ । ਅਸੀਂ ਦਿਨ-ਰਾਤ ਇਕ ਕਰਕੇ ਲੋਕਾਂ ਨੂੰ ਪਿੰਡਾਂ ਸ਼ਹਿਰਾਂ , ਗਲੀਆਂ ਅਤੇ ਮੁਹੱਲਿਆਂ ਵਿੱਚ ਜਾ -ਜਾ ਕੇ ਮਾਸਕ, ਸੈਨਾਟਾਈਜਰ ਵੰਡਾਂਗੇ ਅਤੇ ਇਸ ਭਿਆਨਕ ਬਿਮਾਰੀ ਦੇ ਨਿਕਲਣ ਵਾਲੇ ਗੰਭੀਰ ਨਤੀਜਿਆਂ ਬਾਰੇ ਵੀ ਵਿਸਥਾਰਪੂਰਵਕ ਜਾਣੂ ਕਰਵਾਇਆ ਜਾਵੇਗਾ ।

ਤਾਂ ਕਿ ਲੋਕ ਇਸ ਭਿਆਨਕ ਬਿਮਾਰੀ ਨੂੰ ਚੰਗੀ ਤਰ੍ਹਾਂ ਸਮਝਕੇ ਇਸ ਦੇ ਘਾਤਕ ਪ੍ਰਭਾਵ ਤੋਂ ਬਚ ਸਕਣ ।ਇਸ ਮੌਕੇ ਉਨ੍ਹਾਂ ਮੋਹਤਵਰ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਸਾਡੇ ਇਸ ਕਾਰਜ ਵਿੱਚ ਸਾਨੂੰ ਵਧ ਚੜ੍ਹ ਕੇ ਸਾਥ ਦੇਣ । ਤਾਂ ਕਿ ਅਸੀਂ ਕੋਰੋਨਾ ਦੀ ਚੇਨ ਨੂੰ ਤੋੜ ਸਕੀਏ ।

Leave A Reply

Your email address will not be published.