ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁਢਲਾਡਾ ਵਿਖੇ ਰੱਖਿਆ 30 ਬੈੱਡਾਂ ਵਾਲੇ ਜੱਚਾ ਬੱਚਾ ਕੇਂਦਰ ਦਾ ਨੀਂਹ ਪੱਥਰ
ਬੁਢਲਾਡਾ/ਮਾਨਸਾ (ਸੁਭਾਸ਼ ਕਾਮਰਾ) : ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੁਆਰਾ ਅੱਜ 6 ਕਰੋੜ ਰੁਪਏ ਦੀ ਲਾਗਤ ਵਾਲੇ 30 ਬੈੱਡਾਂ ਦੇ ਜੱਚਾ ਬੱਚਾ ਕੇਂਦਰ ਦਾ ਆਪਣੇ ਕਰ ਕਲਮਾਂ ਨਾਲ ਸਬ ਡਵੀਜ਼ਨਲ ਹਸਪਤਾਲ ਬੁਢਲਾਡਾ ਵਿਖੇ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ 30 ਬੈੱਡਾਂ ਵਾਲਾ ਇਹ ਜੱਚਾ ਬੱਚਾ ਸਿਹਤ ਕੇਂਦਰ ਆਉਣ ਵਾਲੇ ਇਕ ਸਾਲ ਵਿਚ ਪੂਰਾ ਕਰ ਲਿਆ ਜਾਵੇਗਾ।
ਇਸ ਜੱਚਾ ਬੱਚਾ ਕੇਂਦਰ ਵਿਚ ਓ.ਪੀ.ਡੀ, ਸੈਂਪਲ ਕੁਲੈਕਸ਼ਨ ਰੂਮ, ਡਿਸਪੈਂਸਰੀ, ਡਲਿਵਰੀ ਰੂਮ, ਪ੍ਰਾਈਵੇਟ ਰੂਮ, ਰੀਕਵਰੀ ਵਾਰਡ, ਆਈਸੋਲੇਸ਼ਨ ਵਾਰਡ, ਲੈਬੋਰੇਟਰੀ, ਚਾਈਲਡ ਕਰੀਟੀਕਲ ਕੇਅਰ ਰੂਮ ਅਤੇ ਓਪਰੇਸ਼ਨ ਥੀਏਟਰ ਆਦਿ ਵਰਗੀਆਂ ਸਹੂਲਤਾਂ ਸ਼ਾਮਲ ਹੋਣਗੀਆਂ ਤਾਂ ਜੋ ਮਾਵਾਂ ਅਤੇ ਬੱਚਿਆਂ ਨੂੰ ਵਧੀਆ ਸਿਹਤ ਸਹੂਲਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਪੂਰੇ ਪੰਜਾਬ ਵਿਚ 25 ਜੱਚਾ ਬੱਚਾ ਕੇਂਦਰ ਬਣਾਏ ਜਾ ਚੁੱਕੇ ਹਨ ਅਤੇ ਜਿੰਨ੍ਹਾਂ ਵਿਚੋਂ ਕੁਝ ਕੇਂਦਰਾਂ ਦੇ ਉਦਘਾਟਨ ਆਉਣ ਵਾਲੇ ਦਿਨਾਂ ਵਿਚ ਕਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ 75 ਫ਼ੀਸਦੀ ਲਾਭਪਾਤਰੀਆਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਟੀਚਾ 100 ਫ਼ੀਸਦੀ ਕੀਤਾ ਜਾਵੇਗਾ। ਉਨ੍ਹ੍ਹਾ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੁਆਰਾ ਕਰਵਾਏ ਗਏ ਇਲਾਜ਼ ਤੇ 311 ਕਰੋੜ ਰੁਪਏ ਖਰਚਾ ਆਇਆ ਹੈ ਅਤੇ ਇਸ ਯੋਜਨਾ ਤਹਿਤ ਲੋਕਾਂ ਵੱਲੋਂ 310 ਕਰੋੜ ਰੁਪਏ ਦਾ ਇਲਾਜ਼ ਮੁਫ਼ਤ ਕਰਵਾਇਆ ਜਾ ਚੁੱਕਾ ਹੈ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੂਰਾ ਵਿਸ਼ਵ ਹੀ ਇਸ ਮਹਾਂਮਾਰੀ ਦੇ ਸੰਕਟ ਵਿਚ ਫਸਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਕਿ ਉਨ੍ਹਾਂ ਦੀ ਆਰਥਿਕਤਾ ਕਮਜ਼ੋਰ ਹੋਵੇ ਪਰ ਪੰਜਾਬ ਸਰਕਾਰ ਦੁਆਰਾ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੂਬੇ ਵਿਚ ਪਾਬੰਦੀਆਂ ਲਗਾਈਆਂ ਗਈਆਂ ਅਤੇ ਇਸੇ ਗੱਲ ਨੂੰ ਪਹਿਲ ਦਿੰਦਿਆਂ ਹੀ ਹੁਣ ਐਂਤਵਾਰ ਅਤੇ ਗਜ਼ਟਿਡ ਛੁੱਟੀਆਂ ਵਾਲੇ ਦਿਨਾਂ ਵਿਚ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਜਾਰੀ ਸਾਵਧਾਨੀਆਂ ਦੀ ਵਰਤੋਂ ਕਰਨੀ ਲਾਜ਼ਮੀ ਬਣਾਓ ਅਤੇ ਸਮੇਂ ਸਮੇਂ ਸਰਕਾਰ ਵੱਲੋਂ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਦਾ ਸਹਿਯੋਗ ਕਰੋ ਤਾਂ ਜੋ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਕੇ ਸੂਬਾ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਇਆ ਜਾ ਸਕੇ। ਇਸ ਮੌਕੇ ਐਮ.ਐਲ.ਏ. ਮਾਨਸਾ ਸ੍ਰੀ ਨਾਜਰ ਸਿੰਘ ਮਾਨਸ਼ਾਹੀਆ, ਐਮ.ਐਲ.ਏ. ਬੁਢਲਾਡਾ ਸ੍ਰੀ ਬੁੱਧ ਰਾਮ, ਕਾਂਗਰਸੀ ਲੀਡਰ ਡਾ. ਮੰਜੂ ਬਾਲਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ. ਬੁਢਲਾਡਾ ਸ੍ਰੀ ਸਾਗਰ ਸੇਤੀਆ ਅਤੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਵੀ ਮੌਜੂਦ ਸਨ।