ਪਿੰਡ ਅਰਨੋਂ ਦੀ ਪੰਚਾਇਤੀ ਜ਼ਮੀਨ ਦਾ ਡੀਡੀਪੀਓ ਨੇ ਕਾਗਜ਼ਾਂ ਚ ਲਿਆ ਕਬਜ਼ਾ
- ਪਿੰਡ ਅਰਨੋਂ ਦੇ ਵਾਸੀਆਂ ਤੇ ਪਾਕਿਸਤਾਨ ਤੋ ਉੱਜੜਨ ਤੋਂ ਬਾਅਦ ਦੁਬਾਰਾ ਸਰਕਾਰ ਵੱਲੋਂ ਉਜਾੜਨ ਦੀ ਲਟਕੀ ਤਲਵਾਰ
- ਜ਼ਮੀਨ ਦਾ ਕਬਜ਼ਾ ਲੈਣ ਆਏ ਅਧਿਕਾਰੀ ਬਰੰਗ ਚਿੱਠੀ ਵਾਂਗੂ ਮੁੜੇ ਵਾਪਸ
ਖਨੌਰੀ (ਸਤਨਾਮ ਸਿੰਘ ਕੰਬੋਜ) : ਪਿੰਡ ਅਰਨੋਂ ਦੀ ਪੰਚਾਇਤੀ ਜ਼ਮੀਨ ਦਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਕਬਜ਼ਾ ਛੁਡਵਾਉਣ ਦੀ ਕੀਤੀ ਗਈ ਕਾਰਵਾਈ ਮਹਿਜ਼ ਖਾਨਾਪੂਰਤੀ ਬਣ ਕੇ ਰਹਿ ਗਈ । ਡਿਊਟੀ ਮੈਜਿਸਟ੍ਰੇਟ ਕਮ ਤਹਿਸੀਲਦਾਰ ਪਾਤੜਾਂ ਸੰਦੀਪ ਸਿੰਘ ਦੀ ਹਾਜ਼ਰੀ ਵਿਚ ਜ਼ਿਲ੍ਹਾ ਪੰਚਾਇਤ ਵਿਕਾਸ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ ਅਤੇ ਬੀਡੀਪੀਓ ਪਾਤੜਾਂ ਰਮੇਸ ਗੋਇਲ ਦੀ ਅਗਵਾਈ ਵਿਚ ਭਾਰੀ ਪੁਲਸ ਫੋਰਸ ਸਮੇਤ ਪੰਚਾਇਤ ਵਿਭਾਗ ਦੀ ਟੀਮ ਪਿੰਡ ਅਰਨੋਂ ਵਿਖੇ ਪਹੁੰਚੀ ਪਰ ਕਈ ਘੰਟੇ ਚੱਲੀ ਡਰਾਮੇਬਾਜ਼ੀ ਮਗਰੋਂ ਵਿਭਾਗ ਦੇ ਕਰਮਚਾਰੀਆਂ ਨੇ ਖਾਨਾਪੂਰਤੀ ਕਰਦਿਆਂ ਜ਼ਮੀਨ ਵਿੱਚੋਂ ਲੰਘਦੇ ਇੱਕ ਰਸਤੇ ਉੱਤੇ ਕਹੀ ਦੀ ਮਦਦ ਨਾਲ ਕਰੀਬ ਦੋ ਸੌ ਤਿੰਨ ਸੌ ਫੁੱਟ ਦੂਰੀ ਤੱਕ ਨਿਸ਼ਾਨੀਆਂ ਲਗਾ ਚੂਨਾ ਕਲੀ ਪਾ ਕੇ ਖੜ੍ਹੀ ਫ਼ਸਲ ਦਾ ਕਬਜ਼ਾ ਲੈਣ ਦੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ।

ਇਸ ਦੌਰਾਨ ਕਈ ਦਹਾਕਿਆਂ ਤੋਂ ਜ਼ਮੀਨ ਉੱਤੇ ਕਾਬਜ਼ ਲੋਕਾਂ ਨੇ ਦੋਸ਼ ਲਗਾਇਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਟੇਅ ਆਰਡਰ ਹੋਣ ਦੇ ਬਾਵਜੂਦ ਕੁਝ ਸਾਲਾਂ ਮਗਰੋਂ ਪੰਚਾਇਤ ਵਿਭਾਗ ਦੇ ਅਧਿਕਾਰੀ ਨਿੱਜੀ ਲਾਲਸਾ ਤਹਿਤ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ । ਅਰਨੋਂ ਦੀ ਪੰਚਾਇਤੀ ਜ਼ਮੀਨ ਉੱਤੇ ਖੇਤੀ ਕਰਕੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਬੇਅੰਤ ਸਿੰਘ, ਹਰਨੇਕ ਸਿੰਘ, ਸਰਬਜੀਤ ਸਿੰਘ, ਇੰਦਰ ਸਿੰਘ ,ਕਰਨੈਲ ਸਿੰਘ, ਬੱਗਾ ਸਿੰਘ ਅਤੇ ਇਕਬਾਲ ਸਿੰਘ ਨੇ ਦੱਸਿਆ ਉਨ੍ਹਾਂ ਦੇ ਵੱਡੇ ਵਡੇਰੇ 1947 ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ ਉਨ੍ਹਾਂ ਦੇ ਪਰਿਵਾਰਾਂ ਨੇ ਇਸ ਜ਼ਮੀਨ ਨੂੰ ਆਬਾਦ ਕੀਤਾ ਸੀ ਅਤੇ ਸੰਨ 1998 ਵਿੱਚ ਜ਼ਮੀਨ ਦਾ ਇੰਤਕਾਲ ਬਕਾਇਦਾ ਆਬਾਦਕਾਰਾਂ ਦੇ ਨਾਮ ਹੋ ਗਿਆ ਸੀ।

ਇਸੇ ਦੌਰਾਨ ਸਾਬਕਾ ਸਰਪੰਚ ਬਘੇਲ ਸਿੰਘ ਨੇ ਦੱਸਿਆ ਕਿ ਕੁਝ ਪਰਿਵਾਰਾਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਸ ਜ਼ਮੀਨ ਸਬੰਧੀ ਕੇਸ ਦਾਇਰ ਕੀਤਾ ਸੀ ਜਿਸ ਉੱਤੇ ਹਾਈ ਕੋਰਟ ਵੱਲੋਂ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਦੀ ਜਵਾਬ ਤਲਬੀ ਕਰਦਿਆਂ ਜ਼ਮੀਨ ਸਬੰਧੀ ਰਿਕਾਰਡ ਮੰਗਿਆ ਗਿਆ ਸੀ ਪਰ ਵਾਰ ਵਾਰ ਤਰੀਕਾਂ ਪੈਣ ਉੱਤੇ ਵੀ ਹਾਲੇ ਤੱਕ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਫਾਈਲ ਨੂੰ ਦੱਬਿਆ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਜਦੋਂ ਸੂਬੇ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੀ ਵਜ਼ਾਰਤ ਵਿੱਚ ਸ਼ਾਮਲ ਮੰਤਰੀ ਈਸ਼ਰ ਸਿੰਘ ਮਝੈਲ ਨੇ ਇਨ੍ਹਾਂ ਪਰਿਵਾਰਾਂ ਨੂੰ ਇਸ ਜ਼ਮੀਨ ਨੂੰ ਅਬਾਦ ਕਰਨ ਲਈ ਇੱਥੇ ਲਿਆਂਦਾ ਸੀ ਜਿਸ ਦੌਰਾਨ ਜੰਗਲ ਪੁੱਟ ਕੇ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਉਕਤ ਜ਼ਮੀਨ ਨੂੰ ਆਬਾਦ ਕੀਤਾ। ਇਨ੍ਹਾਂ ਪਰਿਵਾਰਾਂ ਦੀ ਗਿਣਤੀ ਅੱਜ ਡੇਢ ਸੌ ਤੋਂ ਵੱਧ ਹੈ ।
ਡੱਬੀ : ਆਬਾਦਕਾਰਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਦੀ ਕੀਤੀ ਗਈ ਕਾਰਵਾਈ ਮੁਕੰਮਲ ਕਰਨ ਮਗਰੋਂ ਜਦੋਂ ਡੀਡੀਪੀਓ ਪਟਿਆਲਾ ਸੁਰਿੰਦਰ ਸਿੰਘ ਢਿੱਲੋਂ ਕੋਲੋਂ ਕਾਰਵਾਈ ਸਬੰਧੀ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਬਜ਼ਾ ਵਰੰਟ ਜਾਰੀ ਕੀਤੇ ਹਨ । ਕਬਜ਼ਾ ਕਾਰਵਾਈ ਦੌਰਾਨ ਮੌਕੇ ਉੱਤੇ ਹਾਜ਼ਰ ਹੋਣਾ ਵੀ ਉਨ੍ਹਾਂ ਲਈ ਕੋਈ ਜ਼ਰੂਰੀ ਨਹੀਂ ਸੀ । ਕਬਜ਼ਾ ਲੈਣਾ ਮਾਲ ਵਿਭਾਗ ਦਾ ਕੰਮ ਹੈ ।
ਦੂਜੇ ਪਾਸੇ ਤਹਿਸੀਲਦਾਰ ਪਾਤੜਾਂ ਸੰਦੀਪ ਸਿੰਘ ਨੇ ਕਿਹਾ ਕਿ ਕਬਜ਼ਾ ਪੰਚਾਇਤ ਵਿਭਾਗ ਨੇ ਲੈਣਾ ਸੀ ਉਹ ਤਾਂ ਡਿਊਟੀ ਮੈਜਿਸਟ੍ਰੇਟ ਦੇ ਤੌਰ ਉੱਤੇ ਮੌਕੇ ਉੱਤੇ ਹਾਜ਼ਰ ਹੋਏ ਹਨ ।ਪਰੰਤੂ ਇੱਥੇ ਡੀਡੀਪੀਓ ਪਟਿਆਲਾ ਸੁਰਿੰਦਰ ਸਿੰਘ ਢਿੱਲੋਂ ਬਿਨਾਂ ਕਬਜ਼ਾ ਲਿਆ ਕਾਗਜ਼ਾਂ ਚ ਕਬਜ਼ਾ ਲੈ ਕੇ ਚੱਲਦੇ ਬਣੇ ।ਇਸ ਕਾਰਜ ਦੌਰਾਨ ਡੀਡੀਪੀਓ ਵੱਲੋਂ ਇਸ ਕਬਜ਼ੇ ਦੌਰਾਨ ਪਿੰਡ ਦੀ ਇਕ ਬਜ਼ੁਰਗ ਔਰਤ ਜਿਸ ਦੀਆਂ ਪੰਜ ਬੇਟੀਆਂ ਹਨ ਉਸ ਕੋਲ ਵੀ ਤਕਰੀਬਨ ਚਾਰ ਏਕੜ ਜ਼ਮੀਨ ਤੇ ਕਾਬਜ਼ ਹੈ ਜੋ ਕਿ ਕਾਬਜ਼ ਦੌਰਾਨ ਆਏ ਮਹਿਕਮੇ ਅਧਿਕਾਰੀਆਂ ਤੇ ਦੇਖਦਿਆਂ ਹਾਕਾਂ ਮਾਰ ਮਾਰ ਰੋਈ ਅਤੇ ਡਿੱਗ ਗਈ ।