ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
ਲੁਧਿਆਣਾ Hamara Today : ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ ਪਾਏ ਜਾਣ ਪਿੱਛੋਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਜਿਲ੍ਹਾ ਸਿਹਤ ਪ੍ਰਸ਼ਾਸਨ ਦੇ ਅਧਿਕਾਰੀਆਂ /ਕਰਮਚਾਰੀਆਂ ਵਿਚ ਹੜਕੰਪ ਮੱਚ ਗਿਆ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੁੱਢਲੇ ਲੈਬ ਟੈਸਟ ਦੌਰਾਨ ਅਮਰਜੀਤ ਸਿੰਘ ਬੈਂਸ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਚ ਕੋਰੋਨਾ ਹੋਣ ਦੇ ਲੱਛਣ ਪਾਏ ਗਏ ਹਨ ਜਦ ਕਿ ਦੂਜੀ ਜਾਂਚ ਲਈ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਹਨ ਜਿਸ ਦੀ ਤਿੰਨ – ਚਾਰ ਘੰਟਿਆਂ ਬਾਅਦ ਰਿਪੋਰਟ ਮਿਲਣ ਦੀ ਸੰਭਾਵਨਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਈ ਵਾਰੀ ਮੁਢਲੀ ਟਰੂ-ਨੈੱਟ ਟੈਸਟ ਦੀ ਰਿਪੋਰਟ ਸਹੀ ਨਹੀਂ ਹੁੰਦੀ, ਜਿਸ ਕਰਕੇ ਦੂਜੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸਿਵਲ ਸਰਜਨ ਅਤੇ ਜਿਲ੍ਹਾ ਮਲੇਰੀਆ ਅਫਸਰ ਨੇ ਵੀ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ।ਇਹ ਵੀ ਜਾਣਕਾਰੀ ਮਿਲੀ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ। ਲੁਧਿਆਣਾ ਵਿਚ ਬੀਤੇ ਕੱਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿਲ੍ਹਾ ਪ੍ਰਸ਼ਾਸ਼ਨ ਅਤੇ ਜਿਲ੍ਹਾ ਸਿਹਤ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਇਕ ਅਹਿਮ ਮੀਟਿੰਗ ਹੋਈ ਸੀ ਜਿਸ ਵਿਚ ਸਾਰੇ ਅਧਿਕਾਰੀ ਇਕੱਠੇ ਹੋਏ ਸਨ। ਇਥੇ ਵਰਨਣਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਿਵਲ ਹਸਪਤਾਲ ਲੁਧਿਆਣਾ ਵਿਚ ਟਰੂ-ਨੈੱਟ ਮਸ਼ੀਨ ਦੀ ਜਾਂਚ ਲਈ ਗਏ ਸਨ।