Hamara Today
Hindi & Punjabi Newspaper

ਪੀ.ਆਰ.ਟੀ.ਸੀ. ਦੀਆ ਬੱਸਾਂ ਪ੍ਰਵਾਸੀਆਂ ਨੂੰ ਪਠਾਨਕੋਟ ਅਤੇ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਛੱਡਣਗੀਆਂ

0

ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੇ ਬੱਸਾਂ ਨੂੰ ਕੀਤਾ ਰਵਾਨਾ

ਮਾਨਸਾ,24 ਮਈ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਬਾਹਰਲੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਰਾਜ ਨਾਲ ਸਬੰਧਤ ਰਾਜਾਂ ਵਿਖੇ ਭੇਜੇ ਜਾਣ ਦਾ ਕੰਮ ਨਿਰਵਿਘਨ ਜਾਰੀ ਹੈ ਅਤੇ ਇਸ ਦੀ ਲੜੀ ਤਹਿਤ ਅੱਜ ਮੱਧ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਕੁੱਲ 186 ਪ੍ਰਵਾਸੀਆਂ ਨੂੰ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਤੋਂ ਬੱਸਾਂ ਰਾਹੀਂ ਭੇਜਿਆ ਗਿਆ ਹੈ।
ਸਹਾਇਕ ਕਮਿਸ਼ਨਰ (ਜ)-ਕਮ-ਨੋਡਲ ਅਫ਼ਸਰ ਸ੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਇਨ੍ਹਾਂ 186 ਪ੍ਰਵਾਸੀਆਂ ਵਿਚੋਂ 81 ਪ੍ਰਵਾਸੀ ਜੋ ਕਿ ਮੱਧ ਪ੍ਰਦੇਸ਼ ਨਾਲ ਸਬੰਧਤ ਸਨ ਨੂੰ ਪਠਾਨਕੋਟ ਅਤੇ 105 ਜੋ ਕਿ ਬਿਹਾਰ ਨਾਲ ਸਬੰਧਤ ਸਨ ਉਨ੍ਹਾਂ ਨੂੰ ਪਟਿਆਲਾ ਭੇਜਿਆ ਗਿਆ ਹੈ, ਜਿੱਥੋਂ ਉਹ ਰੇਲ ਰਾਹੀਂ ਆਪਣੇ ਜ਼ਿਲਿ੍ਹਆਂ ਵਿੱਚ ਪੁੱਜਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪ੍ਰਵਾਸੀਆਂ ਦੇ ਚਿਹਰੇ ਤੇ ਖੁਸ਼ੀ ਦੀ ਝਲਕ ਵੇਖੀ ਗਈ ਅਤੇ ਰਵਾਨਾ ਹੋਣ ਸਮੇਂ ਬੱਸਾਂ ਵਿਚੋਂ ਉਨ੍ਹਾਂ ਉੱਚੀ ਆਵਾਜ਼ ਵਿਚ ਬੋਲਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਉਪਰਾਲੇ ਵਿਚ ਤੇਜ਼ ਗਰਮੀ ਦੇ ਮੌਸਮ ਦੌਰਾਨ ਅਤੇ ਅੱਜ ਛੁੱਟੀ ਵਾਲੇ ਦਿਨ ਵੀ ਆਪਣੀ ਡਿਊਟੀ ਨਿਭਾਅ ਰਹੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਇਨ੍ਹਾਂ ਪ੍ਰਵਾਸੀਆਂ ਨੂੰ ਭੇਜਣ ਤੋਂ ਪਹਿਲਾਂ ਇਨ੍ਹਾਂ ਦੀ ਮਾਨਸਾ ਵਿਖੇ ਐਸ.ਡੀ.ਐਮ. ਸ਼੍ਰੀਮਤੀ ਸਰਬਜੀਤ ਕੌਰ ਅਤੇ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸ਼੍ਰੀ ਰਾਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕਰੀਨਿੰਗ ਕਰਵਾਈ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਆਪਣੇ ਰਾਜਾਂ ਵਿੱਚ ਵਾਪਸ ਜਾਣ ਦੇ ਚਾਹਵਾਨ ਪ੍ਰਵਾਸੀਆਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਉਪਰਾਲਿਆਂ ਸਦਕਾ ਵਾਪਸ ਭੇਜਿਆ ਜਾ ਰਿਹਾ ਹੈ ਜਿਸ ਦੀ ਲੜੀ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੀਆਂ ਸਬ-ਡਵੀਜ਼ਨਾਂ ਮਾਨਸਾ ਅਤੇ ਸਰਦੂਲਗੜ੍ਹ ਤੋਂ ਮੱਧ ਪ੍ਰਦੇਸ਼ ਅਤੇ ਬਿਹਾਰ ਰਾਜ ਨਾਲ ਸਬੰਧਤ ਕੁੱਲ 186 ਪ੍ਰਵਾਸੀਆਂ ਨੂੰ 2 ਸ਼ਿਫਟਾਂ ਵਿੱਚ ਵਾਪਸ ਭੇਜਿਆ ਗਿਆ ਹੈ।
ਸ਼੍ਰੀ ਨਵਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਸਵੇਰੇ 6:30 ਵਜੇ ਇਨ੍ਹਾਂ ਵਿਅਕਤੀਆਂ ਨੂੰ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਪਹਿਲੀ ਸ਼ਿਫਟ ਵਿੱਚ 81 ਪ੍ਰਵਾਸੀਆਂ ਨੂੰ ਪਠਾਨਕੋਟ ਅਤੇ ਦੂਜੀ ਸ਼ਿਫਟ ਵਿੱਚ 105 ਪ੍ਰਵਾਸੀਆਂ ਨੂੰ ਪਟਿਆਲਾ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਸਕਰੀਨਿੰਗ ਕਰਵਾ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਫਰ ਲਈ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਡਿਊਟੀ ਤੇ ਤਾਇਨਾਤ ਸਟਾਫ ਵੱਲੋਂ ਆਪਣੀ ਜਿੰਮੇਵਾਰੀ ਪੂਰੀ ਸ਼ਿੱਦਤ ਨਾਲ ਨਿਭਾਈ ਗਈ।
ਇਸ ਮੌਕੇ ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਰੁਜ਼ਗਾਰ ਦਫ਼ਤਰ ਤੋਂ ਸ਼੍ਰੀ ਰਵਿੰਦਰ ਸਿੰਘ, ਏ.ਐਸ.ਐਮ ਸ਼੍ਰੀ ਦੀਪਕ ਕੁਮਾਰ, ਡਾ. ਵਰੁਣ ਮਿੱਤਲ ਮੌਜੂਦ ਸਨ।

Leave A Reply

Your email address will not be published.