ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰਾਤ 12 ਵਜੇ ਤੋਂ ਬਾਅਦ ਪੰਜਾਬ ‘ਚ ਪ੍ਰਵੇਸ਼ ਕਰਨ ਵਾਲੇ ਯਾਤਰੀਆਂ ਲਈ ਨਾਏ ਨਿਯਮ ਪੰਜਾਬ ਵਿੱਚ ਪ੍ਰਵੇਸ਼ ਕਰਨ ਵਾਲਿਆਂ ਖਾਸ ਕਰਕੇ ਦਿੱਲੀ/ਐਨ.ਸੀ.ਆਰ ਤੋਂ ਆਉਣ ਵਾਲੇ ਲੋਕਾਂ ਨਾਲ ਪੈਦਾ ਹੋਣ ਵਾਲੇ ਖ਼ਤਰੇ ਦੇ ਮੱਦੇਨਜ਼ਰ 14-ਦਿਨਾਂ ਦੇ ਘਰੇਲੂ ਏਕਾਂਤਵਾਸ ਨੂੰ ਘੱਟ ਕੀਤੇ ਜਾਣ ਨੂੰ ਰੱਦ ਕਰ ਦੇਣ ਤੋਂ ਬਾਅਦ ਅੱਜ ਰਾਤ ਤੋਂ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਦੀ ਪ੍ਰਕ੍ਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀ ਆਪਣੇ ਘਰਾਂ ਤੋਂ ਆਰਾਮ ਨਾਲ ਆਨਲਾਈਨ ਸਵੈ-ਰਜਿਸਟਰ ਕਰਵਾ ਸਕਦੇ ਹਨ ਅਤੇ ਆਪਣੇ ਲਈ ਦਿੱਕਤ ਰਹਿਤ ਯਾਤਰਾ ਨੂੰ ਯਕੀਨੀ ਬਣਾ ਸਕਣਗੇ।
ਸੜਕੀ ਰਸਤੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਜਾਂ ਪੰਜਾਬ ਵਿੱਚੋਂ ਲੰਘਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਖਤੀ ਨਾਲ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਤਾਂ ਕੋਵਾ ਐਪ ਜਾਂ ਵੈਬ ਲਿੰਕ https://cova.punjab.gov.in/registration, ਰਾਹੀਂ ਸਵੈ-ਰਜਿਸਟਰਡ ਹੋਣ। ਇਸ ਈ-ਰਜਿਸਟ੍ਰੇਸ਼ਨ ਦਾ ਮੰਤਵ ਚੈਕਿੰਗ ਵਾਲੀਆਂ ਥਾਵਾਂ ‘ਤੇ ਲੰਮੀਆਂ ਕਤਾਰਾਂ ਜਾਂ ਭੀੜ-ਭੜੱਕੇ ਕਾਰਨ ਹੋਣ ਵਾਲੀ ਮੁਸ਼ਕਿਲ ਤੋਂ ਯਾਤਰੂਆਂ ਨੂੰ ਬਚਾਉਣਾ ਹੈ।