Hamara Today
Hindi & Punjabi Newspaper

ਪੰਜਾਬ ਕਰੋਨਾ ਸੰਕਟ ਕਾਰਨ ਆਈ ਮੰਦੀ ਤੇ ਫਤਿਹ ਹਾਸਲ ਕਰਕੇ ਦੂਜੇ ਸੂਬਿਆਂ ਲਈ ਬਣੇਗਾ ਚਾਣਨ ਮੁਨਾਰਾ-ਮਨਪ੍ਰੀਤ ਸਿੰਘ ਬਾਦਲ

0

ਬਠਿੰਡਾ : ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਬਿਹਤਰ ਆਰਥਿਕ ਪ੍ਰਬੰਧਨ ਰਾਹੀਂ ਕੋਵਿਡ 19 ਸੰਕਟ ਕਾਰਨ ਆਈ ਮੰਦੀ ਵਿਚੋਂ ਸਫਲਤਾ ਨਾਲ ਬਾਹਰ ਨਿਕਲਣ ਵਿਚ ਕਾਮਯਾਬ ਹੋਵੇਗਾ ਅਤੇ ਸੁੱਚਜੇ ਪ੍ਰਬੰਧਨ ਰਾਹੀਂ ਪੰਜਾਬ ਰਾਜ ਦੂਜਿਆਂ ਸੂਬਿਆਂ ਲਈ ਚਾਣਨ ਮੁਨਾਰਾ ਸਾਬਤ ਹੋਵੇਗਾ।
ਅੱਜ ਬਠਿੰਡਾ ਸ਼ਹਿਰ ਦੇ ਬਜਾਰਾਂ ਅਤੇ ਮੁਹਲਿਆਂ ਵਿਚ ਲੋਕਾਂ ਨਾਲ ਮਿਲ ਕੇ ਸੂਬੇ ਦੇ ਅਰਥਚਾਰੇ ਸਬੰਧੀ ਉਨ੍ਹਾਂ ਦੇ ਸੁਝਾਅ ਲੈਣ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਸੁਣਨ ਪੁੱਜੇ ਵਿੱਤ ਮੰਤਰੀ ਨੇ ਕਿਹਾ ਕਿ ਜਦ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਵਧੇਗੀ ਤਾਂ ਮਾਰਕਿਟ ਵਿਚ ਤੇਜੀ ਆਵੇਗੀ। ਸ: ਬਾਦਲ ਨੇ ਕਿਹਾ ਕਿ ਕਣਕ, ਆਲੂ ਅਤੇ ਕਿੰਨੂੰ ਦੇ ਮੰਡੀਕਰਨ ਤੋਂ ਦਿਹਾਤੀ ਪੰਜਾਬ ਵਿਚ 32000 ਕਰੋੜ ਰੁਪਏ ਪਹੁੰਚੇ ਹਨ ਅਤੇ ਇਹ ਰਕਮ ਜਦ ਆਉਣ ਵਾਲੇ 4-5 ਮਹੀਨਿਆਂ ਵਿਚ ਲੋਕਾਂ ਵੱਲੋਂ ਖਰਚੀ ਜਾਵੇਗੀ ਤਾਂ ਬਜਾਰ ਅਤੇ ਸੂਬੇ ਦਾ ਸਮੂਚਾ ਅਰਥਚਾਰਾ ਮੰਦੀ ਵਿਚੋਂ ਨਿਕਲ ਆਵੇਗਾ।
ਸ: ਮਨਪ੍ਰੀਤ ਸਿੰਘ ਬਾਦਲ ਨੇ ਇਸ ਦੌਰਾਨ ਸ਼ਹਿਰ ਦੇ ਵੱਖ ਵੱਖ ਬਜਾਰਾਂ ਅਤੇ ਮੁਹਲਿਆਂ ਵਿਚ ਪੁੱਜ ਕੇ ਲੋਕਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਵਿਚ ਲੋਕ ਹਿੱਤ ਦੀਆਂ ਨੀਤੀਆਂ ਚੰਡੀਗੜ੍ਹ ਜਾਂ ਦਿੱਲੀ ਬੈਠ ਕੇ ਨਹੀਂ ਬਣਾਈਆਂ ਜਾ ਸਕਦੀਆਂ ਹਨ। ਇਸ ਲਈ ਉਹ ਖੁਦ ਲਗਾਤਾਰ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੇ ਸੁਝਾਅ ਲੈ ਰਹੇ ਹਨ ਤਾਂ ਜ਼ੋ ਲੋਕ ਇੱਛਾਵਾਂ ਅਨੁਸਾਰ ਸੂਬਾ ਸਰਕਾਰ ਆਉਣ ਵਾਲੇ ਸਮੇਂ ਵਿਚ ਆਪਣੀਆਂ ਨੀਤੀਆਂ ਬਣਾ ਸਕੇ ਅਤੇ ਕੋਵਿਡ 19 ਕਾਰਨ ਪੈਦਾ ਹੋਏ ਸੰਕਟ ਵਿਚੋਂ ਸਭ ਨੂੰ ਕੱਢਿਆ ਜਾ ਸਕੇ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਇਸ ਸਮੇਂ ਲੋਕਾਂ ਦੇ ਮਨਾਂ ਵਿਚੋਂ ਬਿਮਾਰੀ ਦਾ ਸਹਿਮ ਅਤੇ ਡਰ ਕੱਢਣਾ ਵੀ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਇਸ ਮੁਸਕਿਲ ਵਿਚ ਆਪਣੇ ਆਪ ਨੂੰ ਇੱਕਲੇ ਨਾ ਸਮਝਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਉਦੇਸ਼ ਤਹਿਤ ਰਾਜ ਸਰਕਾਰ ਨੇ ਮਿਸ਼ਨ ਫਤਿਹ ਲਾਂਚ ਕੀਤਾ ਹੈ ਤਾਂ ਕਿ ਜਨ ਸਧਾਰਨ ਦੇ ਮਨ ਵਿਚ ਇਸ ਬਿਮਾਰੀ ਦੇ ਨਾਲ ਲੜਨ ਦਾ ਜਜਬਾ ਪੈਦਾ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਇਸ ਬਿਮਾਰੀ ਨੂੰ ਦੂਰ ਰੱਖਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਇਸ ਦੌਰਾਨ ਵਿੱਤ ਮੰਤਰੀ ਨੇ ਅੱਜ ਆਰੀਆ ਸਮਾਜ ਚੌਕ ਤੋਂ ਕਿਲਾ ਮੁਬਾਰਕ ਮਾਰਕਿਟ ਤੱਕ ਬਜਾਰ ਦਾ ਅਤੇ ਇਸ ਤੋਂ ਬਿਨ੍ਹਾਂ ਸ਼ਕਤੀ ਨਗਰ, ਟੈਗੋਰ ਨਗਰ, ਪੰਚਵਟੀ ਨਗਰ ਆਦਿ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸਕਿਲਾਂ ਸੁਣੀਆਂ।
ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਕੇ ਕੇ ਅਗਰਵਾਲ, ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਵਧਾਵਨ, ਸ਼੍ਰੀ ਪਵਨ ਮਾਨੀ, ਸ਼੍ਰੀ ਮੋਹਨ ਲਾਲ ਝੁੰਬਾ, ਸ਼੍ਰੀ ਰਾਜਨ ਗਰਗ, ਸ਼੍ਰੀ ਰਾਜੂ ਭੱਠੇਵਾਲਾ, ਸ਼੍ਰੀ ਸਾਜਨ ਸ਼ਰਮਾ, ਸ਼੍ਰੀ ਹੇਮੰਤ ਸ਼ਰਮਾ, ਸ਼੍ਰੀ ਪ੍ਰਕਾਸ਼ ਚੰਦ ਨੱਥੂਰਾਮ, ਸ਼੍ਰੀ ਜਗਤਾਰ ਵਿਕੀ, ਰਾਜ ਨੰਬਰਦਾਰ, ਯੂਥ ਪ੍ਰਧਾਨ ਕਾਂਗਰਸ ਸ਼੍ਰੀ ਬਲਜੀਤ ਸਿੰਘ, ਸ਼੍ਰੀ ਹਰੀ ਓਮ ਠਾਕੁਰ ਆਦਿ ਹਾਜ਼ਰ ਸਨ।

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More