Hamara Today
Hindi & Punjabi Newspaper

ਪਿੰਡਾਂ ਦੇ ਗਰੀਬ ਲੋਕਾਂ ਤੇ ਮਜ਼ਦੂਰ ਵਰਗ ਲਈ ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਦੀ ਉਸਾਰੀ ਪ੍ਰਗਤੀ ਅਧੀਨ: ਨਾਜਰ ਸਿੰਘ ਮਾਨਸ਼ਾਹੀਆ

0

  • 55 ਪਿੰਡਾਂ ਦੇ ਲੋੜਵੰਦਾਂ ਨੂੰ ਮਿਲੇਗਾ ਫਾਇਦਾ
  • ਸਰਪੰਚਾਂ ਵਿੱਚ ਵੱਡਾ ਉਤਸ਼ਾਹ, ਲੋੜਵੰਦ ਲੋਕਾਂ ਨੂੰ ਸੁਵਿਧਾ ਦੇਣ ਲਈ ਸਰਕਾਰ ਦਾ ਧੰਨਵਾਦ

Mansa News (3 Feb 2021) :
ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਵਿੱਚ ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਦੀ ਉਸਾਰੀ ਦਾ ਕਾਰਜ ਪ੍ਰਗਤੀ ਅਧੀਨ ਹੈ। ਸਵੱਛ ਭਾਰਤ ਮਿਸ਼ਨ-2 ਦੇ ਤਹਿਤ ਇਨ੍ਹਾਂ ਕੰਪਲੈਕਸਾਂ ਦੇ ਨਿਰਮਾਣ ਦਾ ਉਦੇਸ਼ ਅਜਿਹੇ ਲੋਕਾਂ ਨੂੰ ਸ਼ੌਚਾਲਯ ਸੁਵਿਧਾ ਪ੍ਰਦਾਨ ਕਰਨਾ ਹੈ, ਜੋ ਘਰਾਂ ਵਿੱਚ ਜਗ੍ਹਾ ਦੀ ਘਾਟ ਹੋਣ ਕਾਰਨ ਸਾਂਝੇ ਪਖਾਨਿਆਂ ਦੀ ਵਰਤੋਂ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਹਾਲਾਂਕਿ ਮਾਨਸਾ ਖੁੱਲ੍ਹੇ ਵਿੱਚ ਸ਼ੌਚ ਮੁਕਤ ਹੈ ਪਰ ਫਿਰ ਵੀ ਕਮਿਊਨਿਟੀ ਸੈਨੇਟਰੀ ਕੰਪਲੈਕਸ ਬਣਨ ਨਾਲ ਵਿੱਤੀ ਤੌਰ ‘ਤੇ ਕਮਜ਼ੋਰ ਅਤੇ ਮਜ਼ਦੂਰ ਵਰਗ ਨਾਲ ਸਬੰਧਤ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਵਿਧਾਇਕ ਨੇ ਦੱਸਿਆ ਕਿ ਮਾਨਸਾ ਤੇ ਭੀਖੀ ਬਲਾਕਾਂ ਦੇ ਪਿੰਡਾਂ ਵਿੱਚ  ਅਜਿਹੇ 8 ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਦੀ ਉਸਾਰੀ ਤੇਜ਼ੀ ਨਾਲ ਹੋ ਰਹੀ ਹੈ ਜਿਨ੍ਹਾਂ ‘ਤੇ ਕਰੀਬ 24 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਮਰਦਾਂ ਤੇ ਔਰਤਾਂ ਦੀ ਵਰਤੋਂ ਵਾਲੇ ਇਨ੍ਹਾਂ ਕੰਪਲੈਕਸਾਂ ਦੀ ਉਸਾਰੀ ਲਈ ਲੋੜੀਂਦੀ 70 ਫੀਸਦੀ ਰਾਸ਼ੀ ਪੰਚਾਇਤਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੈਨੀਟੇਸ਼ਨ ਅਧਿਕਾਰੀ ਇੰਜੀ: ਕੇਵਲ ਗਰਗ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ 2 ਦੇ ਤਹਿਤ ਜ਼ਿਲ੍ਹੇ ਦੇ 55 ਪਿੰਡਾਂ ਵਿੱਚ ਅਜਿਹੇ ਕੰਪਲੈਕਸਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ‘ਤੇ 1.65 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਮਾਨਸਾ ਹਲਕੇ ਦੇ 8, ਸਰਦੂਲਗੜ੍ਹ ਦੇ 33 ਅਤੇ ਬੁਢਲਾਡਾ ਦੇ 14 ਪਿੰਡਾਂ ਵਿੱਚ ਕਮਿਊਨਿਟੀ ਸੈਨੇਟਰੀ ਕੰਪਲੈਕਸ ਬਣਵਾਏ ਜਾ ਰਹੇ ਹਨ ਜਿਨ੍ਹਾਂ ਦੇ ਤਿਆਰ ਹੋਣ ਮਗਰੋਂ ਭਵਿੱਖ ਵਿੱਚ ਸਬੰਧਤ ਗ੍ਰਾਮ ਪੰਚਾਇਤ ਹੀ ਇਨ੍ਹਾਂ ਦੀ ਦੇਖਭਾਲ ਕਰੇਗੀ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਵਿਖੇ 99 ਲੱਖ ਅਤੇ ਬੁਢਲਾਡਾ ਵਿਖੇ 42 ਲੱਖ ਦੀ ਲਾਗਤ ਨਾਲ ਇਹ ਕੰਪਲੈਕਸ ਬਣਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਸ.ਬੀ.ਐਮ ਤਹਿਤ 70 ਪ੍ਰਤੀਸ਼ਤ ਅਤੇ ਵਿੱਤ ਕਮਿਸ਼ਨ ‘ਚੋਂ 30 ਪ੍ਰਤੀਸ਼ਤ ਰਾਸ਼ੀ ਇਸ ਕਾਰਜ ਲਈ ਪ੍ਰਾਪਤ ਹੋਈ ਹੈ।

ਬਾਕਸ:
ਸਰਪੰਚ ਅਮਰੀਕ ਸਿੰਘ ਦਲੇਲ ਸਿੰਘ ਵਾਲਾ , ਸਰਪੰਚ ਇਕਬਾਲ ਸਿੰਘ ਫਫੜੇ ਭਾਈਕੇ , ਸਰਪੰਚ ਗੁਰਦੀਪ ਸਿੰਘ ਖਾਰਾ , ਸਰਪੰਚ ਕਰਮਜੀਤ ਸਿੰਘ ਹੀਰੇਵਾਲਾ , ਸਰਪੰਚ ਜਗਸੀਰ ਸਿੰਘ ਬਰਨਾਲਾ ਨੇ ਕਿਹਾ ਕਿ ਇਹ ਇੱਕ ਚੰਗਾ ਕਦਮ ਹੈ ਕਿਉਂਕਿ ਘੱਟ ਜ਼ਮੀਨ ਵਾਲੇ ਲੋਕ ਪਖਾਨਿਆਂ ਦੀ ਖੁੱਲ੍ਹੇ ਡੁੱਲ੍ਹੇ ਢੰਗ ਨਾਲ ਉਸਾਰੀ ਨਹੀਂ ਕਰਵਾ ਸਕਦੇ। ਅਜਿਹੇ ਕੰਪਲੈਕਸ ਜਿਥੇ ਪਿੰਡਾਂ ਦੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਹਾਈ ਸਾਬਤ ਹੋਣਗੇ ਉਥੇ ਲੋੜਵੰਦ ਲੋਕਾਂ ਨੂੰ ਵੀ ਸੁਵਿਧਾ ਮਿਲੇਗੀ। ਪਿੰਡਾਂ ਦੇ ਵਸਨੀਕਾਂ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਲਈ ਇਹ ਇੱਕ ਅਹਿਮ ਸੁਵਿਧਾ ਸਾਬਤ ਹੋਵੇਗੀ। ਸਰਪੰਚਾਂ ਨੇ ਉਤਸ਼ਾਹ ਨਾਲ ਆਖਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਪਛੜੇ ਹੋਣ ਸਬੰਧੀ ਜੋ ਦ੍ਰਿਸ਼ਟੀਕੋਣ ਚਿਰਾਂ ਤੋਂ ਚੱਲਿਆ ਆ ਰਿਹਾ ਸੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਦੂਰ ਕਰ ਦਿੱਤਾ ਗਿਆ ਹੈ। ਸਾਡੇ ਪਿੰਡ ਅੱਜ ਕਿਸੇ ਵੀ ਪੱਖੋਂ ਪਛੜੇ ਨਹੀਂ ਰਹੇ। ਕਮਿਊਨਿਟੀ ਸੈਨੇਟਰੀ ਕੰਪਲੈਕਸ ਵੀ ਇਸ ਦਿਸ਼ਾ ਵਿੱਚ ਸਮੇਂ ਦੀ ਲੋੜ ਮੁਤਾਬਕ ਢੁਕਵੀਂ ਸੁਵਿਧਾ ਹੈ ਜਿਸ ਨਾਲ ਪਿੰਡਾਂ ਦੀ ਵੱਡੀ ਲੋੜਵੰਦ ਅਬਾਦੀ ਨੂੰ ਲਾਭ ਹੋਵੇਗਾ।
ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਰਾਏਪੁਰ, ਸੁਖਵਿੰਦਰ ਕੌਰ ਮੱਤੀ, ਕਰਮ ਕੌਰ ਮੂਸਾ, ਗੁਰਸੇਵਕ ਸਿੰਘ ਫੱਤਾ ਮਾਲੋਕਾ, ਸੁਰਿੰਦਰ ਕੁਮਾਰ ਖਹਿਰਾ ਕਲਾਂ, ਰਾਣੀ ਕੌਰ ਖਿਆਲਾ ਕਲਾਂ ਅਤੇ ਅਮਰਜੀਤ ਕੌਰ ਗਹਿਲਾਂ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ।

Hamara Today न्यूज और लाइव न्यूज अपडेट के लिए हमें फेसबुक पर लाइक करें या ट्विटरपर फॉलो करें.

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More